ਪਾਕਿਸਤਾਨ ਆਰਮੀ ਮੁਖੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੁੱਜੇ, ਹੋਇਆ ਨਿੱਘਾ ਸਵਾਗਤ


ਅਟਾਰੀ, ਅੰਮ੍ਰਿਤਸਰ, 29 ਅਗਸਤ (ਰਾਜਿੰਦਰ ਸਿੰਘ ਰੂਬੀ)-ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਆਏ ਰਾਵੀ ਵਿਚ ਭਾਰੀ ਪਾਣੀ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਤੇ ਸਿੱਖ ਕੌਮ ਨਾਲ ਹਮਦਰਦੀ ਪ੍ਰਗਟ ਕਰਨ ਲਈ ਅੱਜ ਪਾਕਿਸਤਾਨ ਆਰਮੀ ਦੇ ਮੁਖੀ ਆਪਣੇ ਆਰਮੀ ਦੇ ਹੋਰ ਉੱਚ ਅਧਿਕਾਰੀਆਂ ਨਾਲ ਗੁਰਦੁਆਰਾ ਸਾਹਿਬ ਵਿਖੇ ਪੁੱਜੇI ਪਾਕਿਸਤਾਨ ਆਰਮੀ ਮੁਖੀ ਸਈਅਦ ਆਸਿਮ ਮੁਨੀਰ ਅਹਿਮਦ ਸ਼ਾਹ ਦਾ ਗੁਰਦੁਆਰਾ ਸ੍ਰੀ ਕਰਤਾਰਪੁਰ ਨਾਰੋਵਾਲ ਪਾਕਿਸਤਾਨ ਵਿਖੇ ਵਿਸ਼ੇਸ਼ ਹੈਲੀਕਾਪਟਰ ਰਾਹੀਂ ਪੁੱਜਣ ਉਤੇ ਪਾਕਿਸਤਾਨ ਪੰਜਾਬ ਦੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਮੇਸ਼ ਸਿੰਘ ਅਰੋੜਾ, ਜਸਕਰਨ ਸਿੰਘ ਸਿਆਲਕੋਟ, ਮਹੇਸ਼ ਸਿੰਘ ਸਿੰਧ, ਗ੍ਰੰਥੀ ਭਾਈ ਗੋਬਿੰਦ ਸਿੰਘ ਸ੍ਰੀ ਕਰਤਾਰਪੁਰ ਸਾਹਿਬ, ਗ੍ਰੰਥੀ ਭਾਈ ਦਇਆ ਸਿੰਘ ਸ੍ਰੀ ਨਨਕਾਣਾ ਸਾਹਿਬ, ਗ੍ਰੰਥੀ ਭਾਈ ਕੁਲਬੀਰ ਸਿੰਘ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਡਾਕਟਰ ਮਾਹੀ ਪਾਲ ਸਿੰਘ ਸਮੇਤ ਸਿੱਖ ਆਗੂਆਂ ਵਲੋਂ ਆਰਮੀ ਮੁਖੀ ਨੂੰ ਜੀ ਆਇਆਂ ਕਹਿੰਦਿਆਂ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆI
ਇਸ ਮੌਕੇ ਪਾਕਿਸਤਾਨ ਆਰਮੀ ਚੀਫ ਨੇ ਪਾਕਿਸਤਾਨੀ ਸਿੱਖਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਰੀ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਇਸ ਹਾਲਾਤ ਵਿਚ ਪਾਕਿਸਤਾਨੀ ਸਿੱਖਾਂ ਨਾਲ ਪੂਰੀ ਹਮਦਰਦੀ ਪ੍ਰਗਟਾ ਰਹੀ ਹੈ ਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੇਵਾ ਸੰਭਾਲ ਸਾਫ-ਸਫਾਈ ਕਰਕੇ ਪਹਿਲਾਂ ਦੀ ਤਰ੍ਹਾਂ ਹੀ ਸੰਗਤਾਂ ਲਈ ਖੋਲ੍ਹਿਆ ਜਾਵੇਗਾI ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਸ਼ਹਿਬਾਜ਼ ਸ਼ਰੀਫ ਦੇ ਆਦੇਸ਼ਾਂ ਉਤੇ ਉਹ ਇਸ ਪਵਿੱਤਰ ਅਸਥਾਨ ਵਿਖੇ ਰਾਵੀ ਦੇ ਭਾਰੀ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁੱਜੇ ਹਨI