JALANDHAR WEATHER

ਬੀ.ਐਸ.ਐਫ. ਨੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ

ਅਟਾਰੀ, (ਅੰਮ੍ਰਿਤਸਰ), 29 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਉਤੇ ਸਥਿਤ ਬੀ.ਓ.ਪੀ. ਕਾਹਨਗੜ੍ਹ ਦੇ ਏਰੀਏ ਵਿਚੋਂ ਬੀ.ਐਸ.ਐਫ. ਵਲੋਂ ਇਕ ਪਾਕਿਸਤਾਨੀ ਨਾਗਰਿਕ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀ.ਐਸ.ਐਫ. ਦੀ 181 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਸੁਨੀਲ ਕੁਮਾਰ ਦੀ ਅਗਵਾਈ ਹੇਠ ਡਿਊਟੀ ਉਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਜਦੋਂ ਉਸ ਨੂੰ ਰੁਕਣ ਲਈ ਕਿਹਾ ਤਾਂ ਉਹ ਅਟਾਰੀ ਤੋਂ ਪਾਕਿਸਤਾਨ ਦੇ ਵਾਹਗਾ ਬਾਰਡਰ ਵੱਲ ਤੇਜ਼ ਚਾਲ ਨਾਲ ਅੱਗੇ ਵਧਦਾ ਗਿਆ। ਉਸਦੇ ਨਾ ਰੁਕਣ ਉਤੇ ਬੀ.ਐਸ.ਐਫ. ਵਲੋਂ ਘੇਰਾ ਪਾ ਕੇ ਫੜ ਲਿਆ ਗਿਆ। ਉਸ ਦੀ ਪਛਾਣ ਅਮੀਰ ਹੁਸੈਨ ਪੁੱਤਰ ਸਲੀਮ ਮੀਆਂ ਹੁਸੈਨ, ਘਰ ਦਾ ਪਤਾ ਕੁਬੈਦ ਮਾਰਕੀਟ ਕਰਾਚੀ ਪਾਕਿਸਤਾਨ ਵਜੋਂ ਹੋਈ ਹੈ। ਬੀ.ਐਸ.ਐਫ. ਵਲੋਂ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨੀ ਨਾਗਰਿਕ ਭਾਰਤ ਕਿੱਦਾਂ ਆਇਆ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਅਟਾਰੀ ਸਰਹੱਦ ਤੋਂ ਹੀ ਕਿਉਂ ਪਾਕਿਸਤਾਨ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਇਰਾਨ ਵਿਚ ਰਹਿੰਦਾ ਸੀ। ਚੰਗਾ ਭਵਿੱਖ ਬਣਾਉਣ ਲਈ ਉਹ ਬਲੋਚਿਸਤਾਨ ਤੋਂ ਇਰਾਨ ਗਿਆ। ਉਥੇ ਮੱਛੀਆਂ ਫੜ ਕੇ ਮਿਹਨਤ ਮਜ਼ਦੂਰੀ ਕਰਦਾ ਰਿਹਾ।

ਅਮੀਰ ਹੁਸੈਨ ਹੋਰ ਚੰਗਾ ਭਵਿੱਖ ਬਣਾਉਣ ਲਈ ਦੁਬਈ ਚਲਾ ਗਿਆ ਜਿਥੇ ਉਸ ਨੂੰ ਦੁਬਈ ਪੁਲਿਸ ਨੇ ਫੜ ਲਿਆ। ਉਸ ਨੇ ਦੱਸਿਆ ਕਿ ਬੰਗਲਾਦੇਸ਼ ਉਸਦੇ ਰਿਸ਼ਤੇਦਾਰ ਰਹਿੰਦੇ ਹਨ ਜਿਥੇ ਦੁਬਈ ਪੁਲਿਸ ਵਲੋਂ ਉਸਨੂੰ ਬੰਗਲਾਦੇਸ਼ ਭੇਜ ਦਿੱਤਾ ਗਿਆ। ਬੰਗਲਾਦੇਸ਼ ਤੋਂ ਭਾਰਤ ਆਇਆ ਅਤੇ ਦਿੱਲੀ ਤੋਂ ਟ੍ਰੇਨ ਰਸਤੇ ਅੰਮ੍ਰਿਤਸਰ ਪਹੁੰਚਿਆ। ਪਾਕਿਸਤਾਨ ਜਾਣ ਲਈ ਉਹ ਅਟਾਰੀ ਆਇਆ, ਜਿਥੇ ਉਹ ਪਾਕਿਸਤਾਨ ਜਾਣ ਲੱਗਾ ਤਾਂ ਬੀ.ਐਸ.ਐਫ. ਵਲੋਂ ਕਾਬੂ ਕਰ ਲਿਆ ਗਿਆ। ਬੀ.ਐਸ.ਐਫ. ਦੇ ਇੰਸਪੈਕਟਰ ਬਲਵਾਨ ਸਿੰਘ ਵਲੋਂ ਉਸ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਥਾਣਾ ਘਰਿੰਡਾ ਵਲੋਂ ਉਸ ਵਿਰੁੱਧ ਬਿਨਾਂ ਪਾਸਪੋਰਟ, ਬਗੈਰ ਵੀਜ਼ਾ ਭਾਰਤ ਅੰਦਰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਤੇ ਪਰਚਾ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ