ਹਿਮਾਚਲ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ, 900 ਤੋਂ ਵੱਧ ਸੜਕਾਂ ਬੰਦ

ਸ਼ਿਮਲਾ, 29 ਅਗਸਤ - ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਭਾਰੀ ਮੀਂਹ ਨੇ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿਚ ਸੜਕਾਂ , ਬਿਜਲੀ, ਪੀਣ ਵਾਲੇ ਪਾਣੀ ਅਤੇ ਸੰਚਾਰ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਨੁਕਸਾਨ ਹੋ ਰਿਹਾ ਹੈ ਅਤੇ 900 ਤੋਂ ਵੱਧ ਸੜਕਾਂ ਬੰਦ ਹਨ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ।
ਸੜਕਾਂ, ਟ੍ਰਾਂਸਫਾਰਮਰ ਅਤੇ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਠੱਪ ਹਨ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਸ਼ੁੱਕਰਵਾਰ ਸ਼ਾਮ ਤੱਕ ਦੋ ਰਾਸ਼ਟਰੀ ਰਾਜਮਾਰਗ ਅਤੇ 914 ਸੜਕਾਂ ਬੰਦ ਰਹੀਆਂ। ਇਸ ਤੋਂ ਇਲਾਵਾ, 925 ਬਿਜਲੀ ਟ੍ਰਾਂਸਫਾਰਮਰ ਅਤੇ 266 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਠੱਪ ਹਨ। ਸਭ ਤੋਂ ਵੱਧ ਨੁਕਸਾਨ ਚੰਬਾ ਜ਼ਿਲ੍ਹੇ ਵਿਚ ਹੋਇਆ ਹੈ ਜਿੱਥੇ 265 ਸੜਕਾਂ ਬੰਦ ਹੋ ਗਈਆਂ ਹਨ ਅਤੇ 395 ਟ੍ਰਾਂਸਫਾਰਮਰ ਨੁਕਸਾਨੇ ਗਏ ਹਨ। ਮੰਡੀ ਵਿਚ 222 ਸੜਕਾਂ, ਕੁੱਲੂ ਵਿਚ 160, ਸਿਰਮੌਰ ਵਿਚ 96 ਅਤੇ ਕਾਂਗੜਾ ਵਿਚ 60 ਸੜਕਾਂ ਬੰਦ ਹਨ।