ਹਰਦੀਪ ਸਿੰਘ ਮੁੰਡੀਆਂ ਨੇ ਐਡਵਾਂਸ ਬੰਨ੍ਹ 'ਤੇ ਬੈਠੇ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਕਪੂਰਥਲਾ, 29 ਅਗਸਤ (ਅਮਰਜੀਤ ਕੋਮਲ)-ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਕਪੂਰਥਲਾ ਸਬ-ਡਵੀਜ਼ਨ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ ਤੇ ਕੰਮੇਵਾਲ ਦੇ ਐਡਵਾਂਸ ਧੁੱਸੀ ਬੰਨ੍ਹ 'ਤੇ ਬੈਠੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਲੋਕਾਂ ਦੀ ਮੰਗ 'ਤੇ ਉਨ੍ਹਾਂ ਨੂੰ ਤਰਪਾਲਾਂ, ਮੱਛਰਦਾਨੀਆਂ, ਆਡੋਮੋਸ ਕਰੀਮਾਂ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਲੋੜੀਂਦੀਆਂ ਵਸਤੂਆਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ। ਮਾਲ ਮੰਤਰੀ ਨੇ ਤੰਬੂ ਵਿਚ ਬੈਠੀਆਂ ਬਜ਼ੁਰਗ ਬੀਬੀਆਂ ਨਾਲ ਮੰਜੇ 'ਤੇ ਬੈਠ ਕੇ ਚਾਹ ਪੀਤੀ ਤੇ ਕਿਹਾ ਕਿ ਸਰਕਾਰ ਵਲੋਂ ਇਸ ਔਖੀ ਘੜੀ ਵਿਚ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ 800 ਘਰਾਂ ਵਿਚੋਂ ਹੁਣ ਤੱਕ 250 ਪਰਿਵਾਰਾਂ ਦੇ 1200 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਰਿਆ ਵਿਚ ਪਾਣੀ ਦਾ ਪੱਧਰ ਪਿਛਲੇ ਦਿਨਾਂ ਨਾਲੋਂ ਘਟਿਆ ਹੈ ਤੇ ਬਹੁਤ ਜਲਦੀ ਆਮ ਵਰਗੇ ਹਾਲਾਤ ਹੋ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਰਾਹਤ ਕੈਂਪਾਂ ਵਿਚ ਪਹੁੰਚਣ ਤੇ ਇਨ੍ਹਾਂ ਕੈਂਪਾਂ ਵਿਚ ਸਰਕਾਰ ਵਲੋਂ ਰਿਹਾਇਸ਼, ਖਾਣੇ ਤੋਂ ਇਲਾਵਾ ਪਸ਼ੂਆਂ ਦੇ ਖਾਣੇ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਰਾਸ਼ਨ, ਮੱਛਰਦਾਨੀਆਂ, ਤਰਪਾਲਾਂ ਵੀ ਤਕਸੀਮ ਕੀਤੀਆਂ। ਇਸ ਮੌਕੇ ਮਾਲ ਮੰਤਰੀ ਨਾਲ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਐਸ.ਡੀ.ਐਮ. ਮੇਜਰ ਡਾ. ਇਰਵਿਨ ਕੌਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਅਮਰਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਨ੍ਹਾਂ ਨਾਲ ਸਨ।