ਅਜਨਾਲਾ ਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਪਾਣੀ ਦਾ ਪੱਧਰ ਘਟਿਆ - ਡੀ.ਸੀ.

ਅਜਨਾਲਾ, 29 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅਜਨਾਲਾ ਨੇੜਲੇ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਹਰ ਸਮੇਂ ਤੁਹਾਡੇ ਨਾਲ ਹੈ ਅਤੇ ਤੁਹਾਡੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰਾਵੀ ਦਰਿਆ ਨਾਲ ਪ੍ਰਭਾਵਿਤ ਪਿੰਡਾਂ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕੁਝ ਘੱਟ ਗਿਆ ਹੈ ਪਰ ਇਹ ਅਜਨਾਲਾ ਨਾਲ ਦੇ ਇਲਾਕੇ ਤੱਕ ਪਹੁੰਚ ਗਿਆ ਹੈ। ਇਸ ਲਈ ਸਾਨੂੰ ਅਜੇ ਵੀ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੱਕੀ ਨਾਲੇ ਦਾ ਪਾਣੀ ੳਵਰਫਲੋਅ ਹੋਣ ਕਰਕੇ ਕੁਝ ਪਿੰਡਾਂ ਵਿਚ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਮਦਾਸ ਦੇ ਲਾਗਲੇ ਪਿੰਡਾਂ ਵਿਚ ਵੀ ਪਾਣੀ ਦਾ ਪੱਧਰ ਕੁਝ ਘੱਟ ਰਿਹਾ ਹੈ ਅਤੇ ਉਹੀ ਪਾਣੀ ਹੁਣ ਪਿੰਡਾਂ ਵੱਲ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਰਾਵੀ ਦਰਿਆ ਦੇ ਪਾਣੀ ਵਿਚ ਕਮੀ ਆਵੇਗੀ, ਤਿਉਂ-ਤਿਉਂ ਪਿੰਡਾਂ ਵਿਚੋਂ ਪਾਣੀ ਦਾ ਪੱਧਰ ਵੀ ਘੱਟ ਜਾਵੇਗਾ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਅੱਜ ਸਵੇਰੇ 6 ਵਜੇ ਤੋਂ ਦੇਰ ਸ਼ਾਮ ਤੱਕ ਖੁਦ ਪਿੰਡਾਂ ਵਿਚ ਜਾ ਕੇ ਰਾਹਤ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ ਅਤੇ ਲੋਕਾਂ ਨੂੰ ਰਾਸ਼ਨ ਪਹੁੰਚਾ ਰਹੇ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਲਈ ਰਾਹਤ ਕੈਂਪ ਬਣਾਏ ਗਏ ਹਨ ਜਿਥੇ ਤੁਹਾਡੇ ਰਹਿਣ-ਸਹਿਣ ਅਤੇ ਖਾਣ-ਪੀਣ ਦੀ ਪੂਰੀ ਵਿਵਸਥਾ ਕੀਤੀ ਗਈ ਹੈ ਅਤੇ ਪਸ਼ੂਆਂ ਲਈ ਵੈਟਰਨਰੀ ਡਾਕਟਰ ਵੀ ਡਿਊਟੀ ਉਤੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਸਥਾਪਤ ਕਰੋ। ਪ੍ਰਸ਼ਾਸਨ ਹਰ ਵੇਲੇ ਤੁਹਾਡੀ ਸਹਾਇਤਾ ਲਈ ਤਿਆਰ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਨਾਲ ਸਨ।