ਪਾਕਿਸਤਾਨ ਤੋਂ ਆਈ 2 ਪੈਕੇਟ ਹੈਰੋਇਨ ਬੀ.ਐਸ.ਐਫ. ਨੇ ਪੁਲਿਸ ਨੂੰ ਸੌਂਪੀ
ਅਟਾਰੀ, (ਅੰਮ੍ਰਿਤਸਰ) 29 ਅਗਸਤ (ਗੁਰਦੀਪ ਸਿੰਘ ਅਟਾਰੀ)-ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨ ਰਸਤੇ ਆਈ ਹੈਰੋਇਨ ਬੀ.ਐਸ.ਐਫ. ਵਲੋਂ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਬਰਾਮਦ ਕਰ ਲਈ ਗਈ ਹੈ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਤਾਇਨਾਤ ਬੀ.ਐਸ.ਐਫ. ਦੀ 181 ਬਟਾਲੀਅਨ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਥੋਂ 2 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਪਰ ਡਰੋਨ ਨਹੀਂ ਮਿਲਿਆ। ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਸੁਨੀਲ ਕੁਮਾਰ ਵਲੋਂ ਇਕ ਪੱਤਰ ਜਾਰੀ ਕਰਦਿਆਂ ਹੈਰੋਇਨ ਦੀ ਖੇਪ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ। ਦੋਵਾਂ ਪੈਕੇਟਾਂ ਦਾ ਕੰਪਿਊਟਰਾਈਜ਼ਡ ਕੰਡੇ ਉਤੇ ਵਜ਼ਨ ਕੀਤਾ ਗਿਆ ਤਾਂ ਹੈਰੋਇਨ 1 ਕਿੱਲੋ 120 ਗ੍ਰਾਮ ਸਮੇਤ ਪੈਕਿੰਗ ਮਟੀਰੀਅਲ ਹੋਈ ਹੈ। ਪੁਲਿਸ ਥਾਣਾ ਘਰਿੰਡਾ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਅਤੇ ਬੀ.ਐਸ.ਐਫ. ਸਮੱਗਲਰਾਂ ਦੀ ਭਾਲ ਵਿਚ ਲੱਗੀ ਹੋਈ ਹੈ।