ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਮਾਮੂਲੀ ਘਟਿਆ

ਹਰੀਕੇ ਪੱਤਣ, 29 ਅਗਸਤ (ਸੰਜੀਵ ਕੁੰਦਰਾ)-ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਜਿਥੇ ਪਿਛਲੇ 25 ਦਿਨਾਂ ਤੋਂ ਪਾਣੀ ਊਫਾਨ ਉਤੇ ਚੱਲ ਰਿਹਾ ਹੈ, ਜਿਸ ਨਾਲ ਹਰੀਕੇ ਹਥਾੜ ਖੇਤਰ ਤਹਿਸ-ਨਹਿਸ ਹੋ ਗਿਆ। ਅੱਜ ਸ਼ਾਮ ਨੂੰ ਥੋੜ੍ਹੀ ਰਾਹਤ ਵਾਲੀ ਖ਼ਬਰ ਆਈ ਜਦੋਂ ਪਾਣੀ ਦੇ ਪੱਧਰ ਵਿਚ ਕੁਝ ਕਮੀ ਆਈ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 6 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਘੱਟ ਕੇ 2 ਲੱਖ 69 ਹਜ਼ਾਰ ਕਿਊਸਿਕ ਸੀ ਜਦਕਿ ਬੀਤੇ ਕੱਲ੍ਹ 2 ਲੱਖ 77 ਹਜ਼ਾਰ ਕਿਊਸਿਕ ਤੋਂ ਵੱਧ ਸੀ। ਡਾਊਨ ਸਟਰੀਮ ਨੂੰ ਅੱਜ 2 ਲੱਖ 55 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਬੀਤੇ ਕੱਲ੍ਹ 2 ਲੱਖ 63 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਡਾਊਨ ਸਟਰੀਮ ਨੂੰ ਛੱਡਿਆ ਜਾ ਰਿਹਾ ਸੀ। ਬੇਸ਼ੱਕ ਪਾਣੀ ਮਾਮੂਲੀ ਘੱਟ ਗਿਆ ਪਰ ਅਜੇ ਵੀ ਪਾਣੀ ਦੀ ਮਾਰ ਜਾਰੀ ਹੈ।