JALANDHAR WEATHER

ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ 2 ਨੂੰ ਪੰਜਾਬ ਦੇ ਵੈਟਰਨਰੀ ਡਾਕਟਰਾਂ ਵਲੋਂ ਸੂਬਾ ਪੱਧਰੀ ਰੋਸ ਮਾਰਚ ਦਾ ਐਲਾਨ

ਮੁਹਾਲੀ, 24 ਅਕਤੂਬਰ-ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੇ ਮਿਤੀ 02-11-2025, ਦਿਨ ਐਤਵਾਰ ਨੂੰ ਜ਼ਿਮਨੀ ਚੋਣ ਤੋਂ ਪਹਿਲਾਂ ਤਰਨਤਾਰਨ ਵਿਖੇ ਸਟੇਟ ਪੱਧਰੀ ਧਰਨਾ ਅਤੇ ਵਿਸ਼ਾਲ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ ਹੈ। ਇਸ ਸੰਬੰਧੀ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ (ਜੇ.ਏ.ਸੀ.) ਦੇ ਕਨਵੀਨਰ, ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਸਾਰੇ ਪੰਜਾਬ ਦੇ ਵੈਟਰਨਰੀ ਡਾਕਟਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੈਡੀਕਲ ਡਾਕਟਰਾਂ ਨਾਲ ਪੇਅ-ਪੈਰਿਟੀ ਅਤੇ 4-9-14 ਡੀ.ਏ.ਸੀ.ਪੀ. ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ 42 ਸਾਲ ਤੋਂ ਚੱਲੀ ਆ ਰਹੀ ਪੇਅ-ਪੈਰਿਟੀ ਪਿਛਲੀ ਸਰਕਾਰ ਵਲੋਂ ਜਨਵਰੀ 2021 ਵਿਚ ਗਲਤ ਤਰੀਕੇ ਨਾਲ ਤੋੜ ਦਿੱਤੀ ਗਈ ਸੀ। ਸਰਕਾਰ ਵਲੋਂ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲੋਂ ਪੇਅ-ਪੈਰਿਟੀ ਤੋੜਦੇ ਹੋਏ ਵੈਟਰਨਰੀ ਡਾਕਟਰਾਂ ਦਾ ਮੁਢਲਾ ਤਨਖਾਹ ਸਕੇਲ 56,100 ਤੋਂ ਘਟਾ ਕੇ 47,600 ਕਰ ਦਿੱਤਾ ਗਿਆ ਸੀ, ਜਿਸਨੂੰ ਮੁੜ 56,100 ਕਰਵਾਉਣ ਲਈ ਪੰਜਾਬ ਦੇ ਵੈਟਰਨਰੀ ਡਾਕਟਰ ਸੰਘਰਸ਼ ਦੇ ਰਾਹ ਉਤੇ ਹਨ। ਇਸ ਸੰਘਰਸ਼ ਅਧੀਨ ਮਿਤੀ 29-07-2025 ਨੂੰ ਪੂਰੇ ਪੰਜਾਬ ਦੇ ਡਿਪਟੀ ਡਾਇਰੈਕਟਰ ਦਫਤਰਾਂ ਦੇ ਬਾਹਰ ਧਰਨੇ ਲਗਾਏ ਗਏ ਸੀ ਤੇ ਫਿਰ ਮਿਤੀ 11-08-2025 ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਸਟੇਟ ਪੱਧਰੀ ਧਰਨਾ ਲਗਾ ਕੇ ਵੱਡੀ ਪੱਧਰ ਉਤੇ ਰੋਸ ਮਾਰਚ ਵੀ ਕੱਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਚੱਲ ਰਹੇ ਸੰਘਰਸ਼  ਦੌਰਾਨ ਜੇ.ਏ.ਸੀ. ਵਲੋਂ ਅਗਲਾ ਪ੍ਰੋਗਰਾਮ ਤਹਿ ਕਰ ਲਿਆ ਗਿਆ ਸੀ ਪਰ ਪੰਜਾਬ ਸੂਬਾ ਬੁਰੀ ਤਰ੍ਹਾਂ ਹੜ੍ਹਾਂ ਦੀ ਚਪੇਟ ਵਿਚ ਆ ਗਿਆ ਸੀ, ਜਿਸ ਕਾਰਨ ਜੇ.ਏ.ਸੀ. ਨੇ ਸੰਘਰਸ਼ ਨੂੰ ਰੋਕ ਕੇ ਪੰਜਾਬ ਦੇ ਪਸ਼ੂ ਪਾਲਕਾਂ ਅਤੇ ਉਨ੍ਹਾਂ ਦੇ ਕੀਮਤੀ ਬੇਜ਼ੁਬਾਨ ਪਸ਼ੂਆਂ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਪਹਿਲ ਦਿੰਦੇ ਹੋਏ ਵੈਟਰਨਰੀ ਡਾਕਟਰਾਂ ਨੂੰ ਆਪਣੀਆਂ ਅਣਥੱਕ ਵੱਡਮੁੱਲੀਆਂ ਸੇਵਾਵਾਂ ਦੇਣ ਲਈ ਕਿਹਾ, ਜਿਸ ਨੂੰ ਮੰਨਦੇ ਹੋਏ ਪੰਜਾਬ ਦੇ ਵੈਟਰਨਰੀ ਡਾਕਟਰਾਂ ਨੇ ਦਿਨ-ਰਾਤ ਅਣਥੱਕ ਵੱਡਮੁੱਲੀਆਂ ਸੇਵਾਵਾਂ ਦੇ ਕੇ ਪਸ਼ੂਧਨ ਨੂੰ ਹੜ੍ਹਾਂ ਦੇ ਪ੍ਰਕੋਪ ਤੋਂ ਨਾ-ਸਿਰਫ ਬਚਾਇਆ, ਬਲਕਿ ਸ਼ਲਾਘਾਯੋਗ ਕੰਮ ਕਰਦੇ ਹੋਏ ਸਮੁੱਚੇ ਪੰਜਾਬ ਸੂਬੇ ਵਿਚ ਕਿਤੇ ਵੀ ਕੋਈ ਬੀਮਾਰੀ ਨਹੀਂ ਫੈਲਣ ਦਿੱਤੀ। ਪਸ਼ੂ ਪਾਲਣ ਮੰਤਰੀ ਜੀ ਨੂੰ ਉਸ ਸਮੇਂ ਜੇ.ਏ.ਸੀ. ਵਲੋਂ ਸੂਚਿਤ ਕਰ ਦਿੱਤਾ ਗਿਆ ਸੀ ਕਿ ਹੜ੍ਹਾਂ ਕਾਰਨ ਪੰਜਾਬ ਦੇ ਵੈਟਰਨਰੀ ਡਾਕਟਰ ਆਪਣਾ ਸੰਘਰਸ਼ ਫਿਲਹਾਲ ਰੋਕ ਰਹੇ ਹਨ। ਹੜ੍ਹਾਂ ਦੀ ਮਾਰ ਤੋਂ ਬਾਅਦ ਮੰਤਰੀ ਜੀ ਨਾਲ ਮੁੜ ਤੋਂ ਮੀਟਿੰਗ ਲਈ ਸਮਾਂ ਮੰਗਿਆ ਜਾਂਦਾ ਰਿਹਾ ਪਰ ਉਨ੍ਹਾਂ ਵਲੋਂ ਕੋਈ ਹੁੰਗਾਰਾ ਨਹੀਂ ਆਇਆ। ਇਥੇ ਵਿਭਾਗ ਦੇ ਵਜ਼ੀਰ ਸਾਹਿਬ ਪੰਜਾਬ ਦੇ ਵੈਟਰਨਰੀ ਡਾਕਟਰਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦਿਵਾਉਣ ਲਈ ਆਵਾਜ਼ ਬੁਲੰਦ ਕਰਨ ਤੋਂ ਫਿਰ ਖੁੰਝ ਗਏ।


 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ