ਜਗਰਾਉਂ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਅਹੁਦੇ ਤੋਂ ਹਟਾਇਆ
ਜਗਰਾਉਂ (ਲੁਧਿਆਣਾ), 24 ਅਕਤੂਬਰ (ਕੁਲਦੀਪ ਸਿੰਘ ਲੋਹਟ)-ਨਗਰ ਕੌਂਸਲ, ਜਗਰਾਉਂ ਦੇ ਪ੍ਰਧਾਨ 'ਤੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਦੇ ਦੋਸ਼ ਲੱਗੇ ਹਨ। ਇਹੀ ਨਹੀਂ, ਇਨ੍ਹਾਂ ਦੋਸ਼ਾਂ 'ਚ ਘਿਰੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ 21 ਦਿਨਾਂ ਦੇ ਕਾਰਨ ਦੱਸੋ ਨੋਟਿਸ ਤੋਂ ਬਾਅਦ ਅੱਜ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਵੀ ਕਰ ਦਿੱਤਾ ਹੈ। ਜਗਰਾਉਂ ਦੇ ਚਰਨਜੀਤ ਸਿੰਘ ਪੁੱਤਰ ਕਰਮ ਸਿੰਘ ਨੇ ਇਕ ਸ਼ਿਕਾਇਤ ਰਾਹੀਂ ਨਗਰ ਕੌਂਸਲ ਪ੍ਰਧਾਨ 'ਤੇ ਬਹੁਤ-ਕਰੋੜੀ ਮਾਲਕੀ ਵਾਲੀਆਂ ਸਰਕਾਰੀ ਥਾਵਾਂ ਉੱਪਰ ਨਾਜਾਇਜ਼ ਕਬਜ਼ੇ ਕਰਵਾ ਕੇ ਸਰਕਾਰੀ ਥਾਵਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਾਏ ਸਨ, ਜਿਸ ਤਹਿਤ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 22 ਅਧੀਨ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 21 ਦਿਨਾਂ ਅੰਦਰ-ਅੰਦਰ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਸੀ। ਵਿਭਾਗੀ ਕਾਰਵਾਈ ਦੇ ਚਲਦਿਆਂ ਆਖਿਰ ਅੱਜ ਜਤਿੰਦਰਪਾਲ ਰਾਣਾ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ।
ਪ੍ਰਧਾਨ ਜਤਿੰਦਰਪਾਲ ਰਾਣਾ ਦੀ ਬਰਖਾਸਤੀ ਦੀ ਪੁਸ਼ਟੀ ਕਰਦਿਆਂ ਕਾਰਜਸਾਧਕ ਅਫਸਰ ਹਰਨਰਿੰਦਰ ਸਿੰਘ ਸ਼ੇਰਗਿੱਲ ਨੇ ਆਖਿਆ ਕਿ ਜਤਿੰਦਰਪਾਲ ਰਾਣਾ ਨੂੰ ਤਾਕਤ ਦੀ ਗਲਤ ਵਰਤੋਂ ਕਰਨ ਦੇ ਦੋਸ਼ਾਂ ਤਹਿਤ ਅਹੁਦੇ ਤੋਂ ਲਾਹਿਆ ਗਿਆ ਹੈ। ਉਧਰ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੇ ਭਰਾ ਕੌਂਸਲਰ ਰਵਿੰਦਰਪਾਲ ਰਾਜੂ ਨੇ ਕਿਹਾ ਕਿ ਪ੍ਰਧਾਨ ਰਾਣਾ 'ਤੇ ਲੱਗੇ ਦੋਸ਼ ਨਿਰ-ਆਧਾਰ ਹਨ।
;
;
;
;
;
;
;
;