ਹਲਕਾ ਰਾਜਾਸਾਂਸੀ 'ਚ ਬਲਾਕ ਸੰਮਤੀ ਉਮੀਦਵਾਰਾਂ ਦੀ ਪੜਤਾਲ ਦੀਆਂ ਜਾਰੀ ਨਹੀਂ ਹੋ ਸਕੀਆਂ ਸੂਚੀਆਂ
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਣ ਤੋਂ ਬਾਅਦ ਅੱਜ ਬਲਾਕ ਸੰਮਤੀ ਹਰਛਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਦੇ ਸੰਮਤੀ ਉਮੀਦਵਾਰਾਂ ਦੇ ਨਾਮਜ਼ਦਗੀਆਂ ਦੀ ਦੇਰ ਰਾਤ ਤੱਕ ਪੜਤਾਲ ਨਾ ਹੋਣ ਕਾਰਨ ਸੂਚੀਆਂ ਜਾਰੀ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਵੱਖ-ਵੱਖ ਪਾਰਟੀਆਂ ਦੇ ਸਾਰੇ ਸੰਮਤੀ ਉਮੀਦਵਾਰ ਰਿਟਰਨਿੰਗ ਅਫ਼ਸਰ/ਉੱਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਨਗਰ ਪੰਚਾਇਤ ਰਾਜਾਸਾਂਸੀ ਵਿਖੇ ਦੁਪਿਹਰ ਕਰੀਬ 3 ਵਜੇ ਤੋਂ ਲੈ ਕੇ ਦੇਰ ਰਾਤ 10 ਵਜੇ ਚੱਕਰ ਲਾਉਂਦੇ ਵੇਖੇ ਗਏ। ਐਸ. ਡੀ. ਐਮ. ਲੋਪੋਕੇ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ ਰਹਿ ਗਈ ਹੈ ਜਿਸ ਕਾਰਨ ਦੇਰੀ ਹੋਈ ਹੈ। ਦੱਸਣਯੋਗ ਹੈ ਕਿ ਬਲਾਕ ਸੰਮਤੀ ਹਰਛਾ ਛੀਨਾ ਲਈ 64 ਅਤੇ ਬਲਾਕ ਸੰਮਤੀ ਚੋਗਾਵਾਂ ਲਈ 75 ਸੰਮਤੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਜਿਸ ਸਬੰਧੀ ਖੁਸ਼ਪ੍ਰੀਤ ਸਿੰਘ ਐਸ.ਡੀ.ਐਮ. ਲੋਪੋਕੇ ਨੇ ਬੀਤੇ ਕੱਲ੍ਹ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸੂਬਾ ਚੋਣ ਕਮਿਸ਼ਨ ਵਲੋਂ ਬਲਾਕ ਸੰਮਤੀ ਚੋਣਾਂ ਲਈ ਸਮਾਂ ਸਾਰਨੀ ਅਨੁਸਾਰ 5 ਦਸੰਬਰ ਨੂੰ ਨਾਮਜ਼ਦਗੀਆਂ ਦੇ ਪੱਤਰਾਂ ਦੀ ਪੜਤਾਲ ਕੀਤੀ ਜਾਣੀ ਹੈ ਅਤੇ 6 ਦਸੰਬਰ ਨੂੰ ਉਮੀਦਵਾਰ ਆਪਣੇ ਪੱਤਰ ਵਾਪਸ ਲੈ ਸਕਣਗੇ। ਪ੍ਰੰਤੂ ਦੇਰ ਰਾਤ ਤੱਕ ਐਸ.ਡੀ.ਐਮ. ਦਫਤਰ ਲੋਪੋਕੇ ਵਲੋਂ ਸੂਚੀਆਂ ਜਾਰੀ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਸਾਰੇ ਉਮੀਦਵਾਰ ਖੱਜਲ ਖੁਆਰ ਹੁੰਦੇ ਰਹੇ।
;
;
;
;
;
;
;
;
;